Read Time:3 Minute, 21 Second
ਨੂਰਮਹਿਲ 29 ਜੂਨ ( ਨਰਿੰਦਰ ਭੰਡਾਲ ) ਅੱਜ ਪੁਲਿਸ ਥਾਣਾ ਬਿਲਗਾ ਵਿਖੇ ਬਹੁਜਨ ਸਮਾਜ ਪਾਰਟੀ ਵਲੋਂ ਬਿਲਗਾ ਪੁਲਿਸ ਦੀ ਧੱਕੇਸ਼ਾਹੀ ਵਿਰੁੱਧ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਨੂੰ ਸੰਬੋਧਨ ਕਰਦਿਆਂ ਬਸਪਾ ਪੰਜਾਬ ਦੇ ਜਰਨਲ ਸਕੱਤਰ ਗੁਰਮੇਲ ਚੁੰਬਰ ਨੇ ਆਖਿਆ ਕਿ ਬਿਲਗਾ ਪੁਲਿਸ ਦੇ ਐਸ.ਐਚ.ਓ ਵਲੋਂ ਬਿਨਾ ਵਜਾਹ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਬੇਕਸੂਰ ਲੋਕਾਂ ਦੇ ਚਲਾਨ ਕੱਟੇ ਜਾ ਰਹੇ ਹਨ। ਚੁੰਬਰ ਨੇ ਐਸ.ਐਚ.ਓ ਸੁਰਜੀਤ ਸਿੰਘ ਪੱਡਾ ਤੇ ਦੋਸ਼ ਲਾਇਆ ਹੈ ਕਿ ਪਿੰਡ ਉੱਪਲ ਭੂਪਾ ਵਿਖੇ ਹਰਪ੍ਰੀਤ ਕੌਰ ਅਤੇ ਉਸ ਦੇ ਪਤੀ ਵਲੋਂ ਪਟੇ ਤੇ ਲਈ ਗਈ ਜਮੀਨ ਉੱਪਰ ਵਿਰੋਧੀ ਧਿਰ ਦਾ ਕਬਜ਼ਾ ਕਰਵਾ ਰਿਹਾ ਹੈ ਅਤੇ ਵਿਧਵਾ ਹਰਪ੍ਰੀਤ ਕੌਰ ਅਤੇ ਉਸ ਦੇ ਲੜਕੇ , ਲੜਕੀ ਉਪਰ ਇੱਕ ਤਰਫਾ ਮੁਕੱਦਮਾ ਦਰਜ਼ ਕਰ ਲਿਆ ਹੈ ਜੋ ਕਿ ਸਰਾਸਰ ਧੱਕਾ ਹੈ। ਚੁੰਬਰ ਨੇ ਅੱਗੇ ਕਿਹਾ ਕਿ ਉਕਤ ਐਸ.ਐਚ.ਓ ਵਲੋਂ ਰੇਤ ਦੀਆਂ ਟਰਾਲੀਆਂ ਦੇ ਚਲਾਨ ਕੱਟੇ ਜਾ ਰਹੇ ਹਨ ਜੋ ਲੋਕ ਆਪਣੇ ਮਕਾਨ ਬਣਾਉਣ ਲਈ ਰੇਤਾ ਲਿਜਾ ਰਹੇ ਹਨ ਜਦ ਕਿ ਵੱਡੇ ਟਿੱਪਰਾਂ ਅਤੇ ਰੇਤ ਮਾਫੀਆ ਨੂੰ ਪੂਰੀ ਖੁੱਲ ਦੇ ਰੱਖੀ ਹੈ। ਇਸ ਮੌਕੇ ਬਸਪਾ ਆਗੂ ਜਗਦੀਸ ਸ਼ੇਰਪੁਰੀ ਅਤੇ ਦੇਵ ਰਾਜ ਸੁਮਨ ਪ੍ਰਧਾਨ ਵਿਧਾਨ ਸਭਾ ਨਕੋਦਰ ਨੇ ਐਸ.ਐਚ.ਓ ਸੁਰਜੀਤ ਸਿੰਘ ਪੱਡਾ ਦੀਆਂ ਧੱਕੇਸਾਹੀਆਂ ਦੀ ਪੁਰਜੋਰ ਨਿਖੇਧੀ ਕੀਤੀ ਅਤੇ ਕਿਹਾ ਉਕਤ ਐੱਸ.ਐਚ.ਓ ਚਲਾਨ ਵੀ ਕੱਟ ਰਿਹਾ ਹੈ ਅਤੇ ਪੈਸੇ ਵੀ ਲੈ ਰਿਹਾ ਹੈ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ- ਵੱਖ ਆਗੂਆਂ ਨੇ ਆਖਿਆ ਕਿ ਜਿਨ੍ਹਾਂ ਚਿਰ ਬਿਲਗਾ ਪੁਲਿਸ ਵਲੋਂ ਝੂਠੇ ਪਰਚੇ ਰੱਦ ਨਹੀਂ ਹੁੰਦੇ ਉਨ੍ਹਾਂ ਚਿਰ ਇਹ ਧਰਨਾ ਨਿਰੰਤਰ ਜਾਰੀ ਰਹੇਗਾ। ਉਕਤ ਆਗੂਆਂ ਨੇ ਐਸ.ਐਚ.ਓ ਸੁਰਜੀਤ ਸਿੰਘ ਪੱਡਾ ਨੂੰ ਬਦਲਣ ਦੀ ਮੰਗ ਕੀਤੀ। ਧਰਨਾ ਲੱਗਣ ਤੋਂ ਪਹਿਲਾਂ ਬਿਲਗਾ ਬਜ਼ਾਰ ਵਿੱਚ ਬਸਪਾ ਆਗੂਆਂ ਅਤੇ ਵਰਕਰਾਂ ਵਲੋਂ ਰੋਸ ਮਾਰਚ ਕੀਤਾ ਅਤੇ ਪੁਲਿਸ ਖਿਲਾਫ ਨਾਅਰੇ ਬਾਜੀ ਕੀਤੀ। ਪੰਜ ਘੰਟੇ ਲੱਗੇ ਇਸ ਮੌਕੇ ਡੀ.ਐਸ.ਪੀ ਦਵਿੰਦਰ ਸਿੰਘ ਅੱਤਰੀ ਫਿਲੌਰ , ਸੁਰਿੰਦਰਪਾਲ ਸਿੰਘ ਡੀ.ਐਸ.ਪੀ ਹੈੱਡ ਕੁਆਟਰ ਜਲੰਧਰ , ਥਾਣਾ ਮੁੱਖੀ ਕੇਵਲ ਸਿੰਘ ਗੁਰਾਇਆ ਹਾਜ਼ਰ ਰਹੇ ਅਤੇ ਉਹਨਾਂ ਨੇ ਬਸਪਾ ਆਗੂਆਂ ਦੀਆਂ ਮੰਗਾਂ ਜਿਵੇਂ ਇੱਕ ਤਰਫਾ ਕੇਸ ਰੱਦ ਕਰਕੇ ਦੋਵੇ ਧਿਰਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ। ਅਤੇ ਜੋ ਵੀ ਨਜਾਇੰਜ ਪਰਚੇ ਕੱਟੇ ਗਏ ਉਹਨਾਂ ਦੀ ਜਾਂਚ ਕੀਤੀ ਜਾਵੇਗੀ। ਇਹਨਾਂ ਸ਼ਰਤਾਂ ਤੇ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਅੰਮ੍ਰਿਤ ਭੋਸਲੇ ਪ੍ਰਧਾਨ ਦਿਹਾਤੀ ਜਿਲਾ ਜਲੰਧਰ , ਮਲਕੀਤ ਚੁੰਬਰ , ਕਸ਼ਮੀਰੀ ਲਾਲ ਸਰਪੰਚ , ਹੰਸ ਰਾਜ ਸਿੱਧੂ , ਸ਼੍ਰੀਮਤੀ ਹਰਪ੍ਰੀਤ ਕੌਰ , ਰਾਣਾ ਤਲਵਣ , ਸੁਰਿੰਦਰ ਸਮਰਾ , ਸਰਬਜੀਤ ਕੌਰ ਦਾਰਾਪੁਰ , ਹਰੀਸ਼ ਚੰਦਰ ਤਲਵਣ ਆਦਿ ਨੇ ਸੰਬੋਧਨ ਕੀਤਾ ਅਤੇ ਇਸ ਧਰਨੇ ਵਿੱਚ ਸੈਕੜੇ ਬਸਪਾ ਵਰਕਰਾਂ ਨੇ ਹਿੱਸਾ ਲਿਆ।